ਐਸ.ਜੀ.ਪੀ.ਸੀ. ਚੋਣਾਂ ਦੌਰਾਨ ਮੈਂਬਰ ਵਜੋਂ ਵੋਟ ਬਣਾਉਣ ਲਈ ਸੋਧਿਆ ਫਾਰਮ ਜਾਰੀ
– ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵੈਬਸਾਈਟ Ludhiana.nic.in ਤੋਂ ਕੀਤਾ ਜਾ ਸਕਦਾ ਅਪਲੋਡ
– ਵੋਟ ਬਣਾਉਣ ਲਈ ‘(ਕੇਸਾਧਾਰੀ ਸਿੱਖ ਲਈ) (ਨਿਯਮ 3(1)’ ਫਾਰਮ ਭਰਨਾ ਲਾਜ਼ਮੀ
ਲੁਧਿਆਣਾ, 20 ਅਕਤੂਬਰ- ਜ਼ਿਲ੍ਹਾ ਚੋਣ ਅਫ਼ਸਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮੁੱਖ ਚੋਣ ਅਫ਼ਸਰ, ਚੰਡੀਗੜ੍ਹ, ਪੰਜਾਬ ਵਲੋਂ ਜਾਰੀ ਸੋਧਿਆ ਗਿਆ ਫਾਰਮ (ਕੇਸਾਧਾਰੀ ਸਿੱਖ ਲਈ) (ਨਿਯਮ 3(1) ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵੈਬਸਾਈਟ Ludhiana.nic.in ‘ਤੇ ਅਪਲੋਡ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੇ ਮੈਬਰਾਂ ਦੇ ਲਈ ਚੋਣ ਪ੍ਰਕਰਿਆ ਮੁਕਮੰਲ ਕਰਨ ਲਈ ਵੋਟਰ ਸੂਚੀ ਦਾ ਕੰਮ ਪਹਿਲ ਦੇ ਅਧਾਰ ‘ਤੇ ਭਲਕੇ ਮਿਤੀ 21 ਅਕੂਤਰ 2023 ਤੋ ਸ਼ੁਰੂ ਕੀਤਾ ਜਾਣਾ ਹੈ ਅਤੇ ਮੈਂਬਰ ਵਜੋਂ ਵੋਟ ਬਣਾਉਣ ਲਈ ਉਪਰੋਕਤ ਫਾਰਮ ਭਰਨਾ ਲਾਜ਼ਮੀ ਹੇ।
ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਹ ਹਰ ਹੀਲੇ ਯਕੀਨੀ ਬਣਾਇਆ ਜਾਵੇ ਕਿ ਪੁਰਾਣਾ ਫਾਰਮ ਕਿਸੇ ਵੀ ਸੂਰਤ ਵਿੱਚ ਨਾ ਵਰਤਿਆ ਜਾਵੇ। ਉਨ੍ਹਾਂ ਦੱਸਿਆ ਕਿ ਸੋਧੇ ਹੋਏ ਫਾਰਮ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਮੈਂਬਰ ਲਈ ਕੇਸਾਧਾਰੀ ਸਿੱਖ ਹੋਣਾ ਲਾਜ਼ਮੀ ਹੈ, ਮੈਂਬਰ ਆਪਣੀ ਦਾੜੀ ਨਾ ਕੱਟਦਾ ਹੋਵੇ, ਕਿਸੇ ਵੀ ਰੂਪ ਵਿੱਚ ਧੁਮਰਪਾਨ ਨਾ ਕਰਦਾ ਹੋਵੇ ਅਤੇ ਨਾ ਹੀ ਕੁੱਠਾ (ਹਲਾਲ) ਮਾਸ ਦਾ ਸੇਵਨ ਨਾ ਕਰਦਾ ਹੋਵੇ ਅਤੇ ਸ਼ਰਾਬ ਨਾ ਪੀਂਦਾ ਹੋਵੇ, ਆਦਿ ਸ਼ਾਮਲ ਹਨ।
ਇਸ ਤੋਂ ਇਲਾਵਾ ਵੋਟਰ ਦੀ ਉਮਰ 21 ਸਾਲ ਤੋਂ ਘੱਟ ਨਾ ਹੋਵੇ, ਵੋਟਰ ਦਾ ਨਾਮ, ਮਾਤਾ/ਪਿਤਾ/ਪਤੀ ਦਾ ਨਾਮ ਸਰਕਾਰ ਵਲੋਂ ਜਾਰੀ ਕੀਤੇ ਆਧਾਰ ਕਾਰਡ ਦੁਆਰਾ ਜਾਂ ਭਾਰਤ ਦੇ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਸ਼ਨਾਖਤੀ ਕਾਰਡ ਤੋਂ ਤਸਦੀਕ ਅਤੇ ਪੁਸ਼ਟੀ ਕੀਤੀ ਜਾਵੇ ਅਤੇ ਨੰਬਰ ਲਿਖਿਆ ਜਾਵੇ।
ਸਿੱਖ ਗੁਰਦੁਆਰਾ ਬੋਰਡ ਚੋਣ ਨਿਯਮ, 1959 ਦੇ ਨਿਯਮ 3(1) ਤਹਿਤ ਕਿਸੇ ਦੇ ਅਨਪੜ੍ਹ ਹੋਣ ਦੀ ਸੂਰਤ ਵਿੱਚ, ਉਸਨੂੰ ਉਸਦੇ ਫਾਰਮ ਤੋਂ ਉਸਦਾ ਜੋ ਬਿਆਨ ਹੈ, ਪੜ੍ਹ ਕੇ ਸੁਣਾਇਆ ਜਾਵੇ, ਦੁਹਰਾਇਆ ਜਾਣਾ ਚਾਹੀਦਾ ਹੈ, ਇਸ ਉਪਰੰਤ ਫਾਰਮ ‘ਤੇ ਨਿਸ਼ਾਨ ਅੰਗੂਠਾ ਲਗਾਉਣਾ ਚਾਹੀਦਾ ਹੈ।