ਨਗਰ ਨਿਗਮ ਲੁਧਿਆਣਾ
ਨਵ-ਨਿਯੁਕਤ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੇ ਨਗਰ ਨਿਗਮ ਕਮਿਸ਼ਨਰ ਨਾਲ ਮਿਲ ਕੇ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ; ਅਧਿਕਾਰੀਆਂ ਨੂੰ ਪਾਰਦਰਸ਼ਤਾ ਅਤੇ ਕੁਸ਼ਲਤਾ ਨਾਲ ਕੰਮ ਕਰਨ ਦੀ ਕੀਤੀ ਅਪੀਲ
*ਸਾਡਾ ਟੀਚਾ ਲੁਧਿਆਣਾ ਨੂੰ ਨੰਬਰ 1 ਸ਼ਹਿਰ ਬਣਾਉਣਾ ਹੈ: ਮੇਅਰ; ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਨਿਵਾਸੀਆਂ ਨੂੰ ਨਗਰ ਨਿਗਮ ਦਾ ਸਮਰਥਨ ਕਰਨ ਦੀ ਅਪੀਲ*
ਲੁਧਿਆਣਾ, 21 ਜਨਵਰੀ:
ਸੋਮਵਾਰ ਨੂੰ ਲੁਧਿਆਣਾ ਦੀ ਪਹਿਲੀ ਮਹਿਲਾ ਮੇਅਰ ਚੁਣੇ ਜਾਣ ਤੋਂ ਬਾਅਦ ਬਿਨਾਂ ਸਮਾਂ ਬਰਬਾਦ ਕੀਤੇ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨਾਲ ਮੰਗਲਵਾਰ ਨੂੰ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ।
ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਪ੍ਰਿੰਸ ਜੌਹਰ ਦੇ ਨਾਲ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਸਹੁੰ ਚੁੱਕ ਸਮਾਗਮ ਦੇ ਅਗਲੇ ਹੀ ਦਿਨ ਨਗਰ ਨਿਗਮ ਦਫ਼ਤਰ ਪਹੁੰਚੇ ਅਤੇ ਕਿਹਾ ਕਿ ਸ਼ਹਿਰ ਦਾ ਹਰ ਪਹਿਲੂ ਤੋਂ ਵਿਕਾਸ ਉਨ੍ਹਾਂ ਦੀ ਤਰਜੀਹ ਹੈ ਅਤੇ ਟੀਚਾ ਲੁਧਿਆਣਾ ਨੂੰ ਨੰਬਰ 1 ਸ਼ਹਿਰ ਬਣਾਉਣਾ ਹੈ।