ਨਿਰਮਾਣ ਕਾਰਜਾਂ ‘ਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ :- ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ
ਗਿੱਲ ਗਾਰਡਨ ਤੋਂ ਨਹਿਰ ਤੱਕ ਸੜਕ ‘ਚ ਮਾੜੇ ਮਟੀਰੀਅਲ ਦੀ ਵਰਤੋਂ ‘ਤੇ ਤੁਰੰਤ ਕਾਰਵਾਈ
ਠੇਕੇਦਾਰ ਦੀ ਤਾੜਨਾ ਕਰਦਿਆਂ ਪੁੱਟ ਕੇ ਬਣਵਾਈ ਸੜਕ
-ਕਿਹਾ! ਲੋਕਾਂ ਵਲੋਂ ਟੈਕਸ ਦੇ ਰੂਪ ‘ਚ ਦਿੱਤੇ ਪੈਸੇ ਦੀ ਨਹੀਂ ਹੋਣ ਦਿੱਤੀ ਜਾਵੇਗੀ ਦੁਰਵਰਤੋਂ
ਲੁਧਿਆਣਾ, 4 ਨਵੰਬਰ (ਰਾਜੀਵ ਕੁਮਾਰ) – ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਦੀ ਅਗਵਾਈ ‘ਚ ਹਲਕੇ ‘ਚ ਜਿੱਥੇ ਵਿਕਾਸ ਕਾਰਜ ਸਿਖਰਾਂ ‘ਤੇ ਹਨ ਉੱਥੇ ਹੀ ਉਨ੍ਹਾਂ ਵਲੋਂ ਨਵ ਨਿਰਮਾਣ ਸੜਕਾਂ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ।
ਨੀਰੀਖਣ ਦੌਰਾਨ ਉਹਨਾਂ ਦੇ ਧਿਆਨ ਵਿੱਚ ਆਇਆ ਕਿ ਗਿੱਲ ਗਾਰਡਨ ਤੋਂ ਲੈਕੇ
ਨਹਿਰ ਤੱਕ ਬੇਗੁਆਣਾ ਰੋਡ ਵਿੱਚ ਮਾੜੇ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ ਜਿਸ ‘ਤੇ ਫੌਰੀ ਤੌਰ ‘ਤੇ ਕਾਰਵਾਈ ਕੀਤੀ ਗਈ।
ਨਗਰ ਨਿਗਮ ਦੇ ਬੀ ਐਂਡ ਆਰ ਦੇ ਐਕਸੀਅਨ ਰਕੇਸ਼ ਸਿੰਗਲਾ ਦੀ ਮੌਜੂਦਗੀ ਵਿੱਚ ਸੜਕ ਦਾ ਜਦੋਂ ਜਾਇਜ਼ਾ ਲਿਆ ਗਿਆ ਤਾਂ ਬਿਲਕੁਲ ਖਰਾਬ ਨਿਕਲੀ ਅਤੇ ਉਸ ਵਿੱਚ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਜਾ ਰਹੀ ਸੀ, ਜਿਸਦੇ ਚੱਲਦਿਆਂ ਵਿਧਾਇਕ ਛੀਨਾ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਪੂਰੀ ਸੜਕ ਪੁੱਟਵਾ ਕੇ ਮੁੜ ਤੋਂ ਸੜਕ ਦੇ ਨਿਰਮਾਣ ਦੇ ਹੁਕਮ ਜਾਰੀ ਕੀਤੇ ਅਤੇ ਠੇਕੇਦਾਰ ਨੂੰ ਨੋਟਿਸ ਵੀ ਕੱਢਿਆ ਗਿਆ ਤਾਂ ਜੋ ਉਹ ਪੂਰੀ ਸੜਕ ਮੁੜ ਤੋਂ ਬਣਾਵੇ।
ਇਸ ਦੌਰਾਨ ਐਮ ਐਲ ਏ ਛੀਨਾ ਨੇ ਕਿਹਾ ਕਿ ਹਲਕੇ ਦੇ ਵਿਕਾਸ ‘ਚ ਕਿਸੇ ਵੀ ਤਰਾਂ ਦੀ ਧਾਂਦਲੀ ਜਾਂ ਮਾੜੇ ਮਟੀਰੀਅਲ ਦੀ ਵਰਤੋਂ ਨੂੰ ਕਿਸੇ ਵੀ ਸੂਰਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਲੋਕਾਂ ਦੇ ਪੈਸੇ ਹਨ ਜੋ ਲੋਕਾਂ ਦੇ ਵਿਕਾਸ ਲਈ ਲਗਾਏ ਜਾ ਰਹੇ ਹਨ ਉਹਨਾਂ ਦੀ ਦੁਰਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ।
ਉਹਨਾਂ ਸਪੱਸ਼ਟ ਕੀਤਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪਾਰਦਰਸ਼ੀ ਅਤੇ ਇਮਾਨਦਾਰ ਸਰਕਾਰ ਹੈ, ਜੇਕਰ ਠੇਕੇਦਾਰ ਕਿਸੇ ਵੀ ਤਰ੍ਹਾਂ ਦੀ ਕੋਈ ਧਾਂਦਲੀ ਕਰਦਾ ਹੈ ਤਾਂ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ।
ਉਹਨਾਂ ਕਿਹਾ ਕਿ ਸੜਕ ਨੂੰ ਮੁੜ ਉਸਾਰੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਅਤੇ ਜੇਕਰ ਠੇਕੇਦਾਰ ਨੇ ਮੁੜ ਤੋਂ ਮਾੜੇ ਮਟੀਰੀਅਲ ਦੀ ਵਰਤੋਂ ਕੀਤੀ ਤਾਂ ਉਸ ਨੂੰ ਬਲੈਕ ਲਿਸਟ ਕਰਨ ਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ।