ਵਿਧਾਇਕ ਛੀਨਾ ਦੀ ਅਗਵਾਈ ‘ਚ ਹਲਕੇ ‘ਚ 66 ਕੇ.ਵੀ. ਲਾਈਨ ਦੀ ਗਰਾਊਂਡ ਕਲੀਅਰੈਂਸ ਵਧਾਈ ਗਈ
– ਵਸਨੀਕਾਂ ਦੀ ਚਿਰੌਕਣੀ ਮੰਗ ਨੂੰ ਪਿਆ ਬੂਰ
– ਲੋਹਾਰਾ, ਸ਼ਿਮਲਾਪੁਰੀ, ਡਾਬਾ, ਈਸ਼ਰ ਨਗਰ, ਚੇਤ ਸਿੰਘ ਨਗਰ, ਗਿੱਲ ਰੋਡ ਅਤੇ ਜਨਤਾ ਨਗਰ ਦੇ ਲੋਕਾਂ ਨੂੰ ਵੱਡੀ ਰਾਹਤ
– ਪ੍ਰੋਜੈਕਟ ‘ਤੇ ਕਰੀਬ 5 ਕਰੋੜ ਰੁਪਏ ਦੀ ਆਈ ਲਾਗਤ
ਲੁਧਿਆਣਾ, 22 ਦਸੰਬਰ – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਦੀ ਅਗਵਾਈ ਵਿੱਚ, ਹਲਕੇ ਵਿੱਚ ਪੈਂਦੀਆਂ 66 ਕੇ.ਵੀ. ਤਾਰਾ ਨੂੰ ਅਪਗ੍ਰੇਡ ਕਰਕੇ ਉਨ੍ਹਾਂ ਉੱਚਾ ਕੀਤਾ ਗਿਆ ਹੈ।
ਵਿਧਾਇਕ ਛੀਨਾ ਨੇ ਕਿਹਾ ਕਿ ਇਨ੍ਹਾਂ ਕਾਰਜ਼ਾਂ ‘ਤੇ ਕਰੀਬ 5 ਕਰੋੜ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਦੱਖਣੀ ਹਲਕੇ ਦੇ ਮੁੱਖ ਇਲਾਕੇ ਗਿੱਲ ਰੋਡ, ਈਸ਼ਰ ਨਗਰ, ਜਨਤਾ ਨਗਰ, ਚੇਤ ਸਿੰਘ ਨਗਰ, ਲੋਹਾਰਾ ਆਦਿ ਇਲਾਕਿਆਂ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਦੇ ਨਾਲ ਸੰਭਾਵੀ ਮੰਦਭਾਗੀਆਂ ਘਟਨਾਵਾਂ ਤੋਂ ਵੀ ਛੁਟਕਾਰਾ ਮਿਲੇਗਾ।
ਉਨ੍ਹਾਂ ਕਿਹਾ ਇਲਾਕਾ ਨਿਵਾਸੀਆਂ ਦੀ ਇਹ ਚਿਰੌਕਣੀ ਮੰਗ ਸੀ, ਪ੍ਰੋਜੇਕਟ ਵੱਡਾ ਹੋਣ ਕਰਕੇ ਪਿਛਲੀਆਂ ਸਰਕਾਰਾਂ ਵੱਲੋਂ ਇਸ ਨੂੰ ਹੱਥ ਨਹੀਂ ਪਾਇਆ ਗਿਆ ਪਰ ਸੂਬੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗੁਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਸ ਨੂੰ ਨੇਪਰੇ ਚਾੜ੍ਹਿਆ ਗਿਆ ਹੈ।
ਵਿਧਾਇਕ ਛੀਨਾ ਨੇ ਕਿਹਾ ਕਿ ਇਲਾਕੇ ਵਿੱਚ ਹਾਈਟੈਂਸ਼ਨ ਤਾਰਾਂ ਨੀਵੀਆਂ ਹੋਣ ਕਰਕੇ ਕਈ ਤਰ੍ਹਾਂ ਦੇ ਹਾਦਸੇ ਹੋ ਰਹੇ ਸਨ ਪਰ ਇਹਨਾਂ ਤਾਰਾਂ ਨੂੰ ਨਾ ਸਿਰਫ ਉੱਚਾ ਚੁੱਕਿਆ ਗਿਆ ਹੈ ਸਗੋਂ ਇਹਨਾਂ ਦੀ ਮੁਰੰਮਤ ਵੀ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨਾਲ ਸੂਬੇ ਦੇ ਵਿਕਾਸ ਲਈ ਸਰਵ ਪੱਖੀ ਵਿਕਾਸ ਦਾ ਵਾਅਦਾ ਕੀਤਾ ਗਿਆ ਸੀ, ਜਿਸ ਦੇ ਤਹਿਤ ਇਹ ਸਾਰੇ ਹੀ ਕੰਮ ਮੁਕੰਮਲ ਕੀਤੇ ਜਾ ਰਹੇ ਹਨ।